ਬਰਨਾਲਾ,10 ਮਾਰਚ (ਨਿਰਮਲ ਸਿੰਘ ਪੰਡੋਰੀ)-
-ਪੰਚਾਇਤ ਦੇ ਮੁਖੀ ਦੀ ਜ਼ਿੰਮੇਵਾਰੀ ਤੋਂ ਤਾਜ਼ਾ-ਤਾਜ਼ਾ ਵਿਹਲੇ ਹੋਏ ਇੱਕ ਕਾਂਗਰਸੀ ਸਾਬਕਾ ਸਰਪੰਚ ਨੇ ਪਿੰਡ ਦੇ ਹੀ ਇੱਕ ਕਾਂਗਰਸੀ ਵਰਕਰ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਵੱਡੇ ਪਿੰਡ ਢਿੱਲਵਾਂ ਵਿਖੇ ਇੱਕ ਸਾਬਕਾ ਸਰਪੰਚ ਜੋਗਿੰਦਰ ਸਿੰਘ ਨੇ ਆਪਣੀ ਲਾਇਸੰਸੀ ਪਿਸਤੌਲ ਨਾਲ ਪਿੰਡ ਦੇ ਚੌਂਕ ‘ਚ ਖੜੇ ਮੇਵਾ ਸਿੰਘ ਪੁੱਤਰ ਹਰਪਾਲ ਸਿੰਘ ਨੂੰ ਗੋਲੀ ਮਾਰ ਦਿੱਤੀ ਜੋ ਉਸ ਦੇ ਪੱਟ ‘ਤੇ ਲੱਗੀ ਅਤੇ ਉਹ ਸਖ਼ਤ ਜਖਮੀ ਹੋ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਉਸਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਜਿਸ ਵੇਲੇ ਮੇਵਾ ਸਿੰਘ ਪਿੰਡ ਦੇ ਇੱਕ ਚੌਂਕ ਵਿੱਚ ਖੜਾ ਸੀ ਤਾਂ ਸਾਬਕਾ ਸਰਪੰਚ ਜੋਗਿੰਦਰ ਸਿੰਘ ਆਪਣੀ ਸਕੂਟਰੀ ‘ਤੇ ਸਵਾਰ ਹੋ ਕੇ ਆਇਆ, ਦੋਵਾਂ ਵਿਚਕਾਰ ਮਾਮੂਲੀ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਸਾਬਕਾ ਸਰਪੰਚ ਨੇ ਆਪਣੀ ਲਾਇਸੈਂਸ ਦੀ ਪਿਸਤੌਲ ਕੱਢੀ ਅਤੇ ਮੇਵਾ ਸਿੰਘ ਨੂੰ ਗੋਲੀ ਮਾਰ ਦਿੱਤੀ ਜੋ ਮੇਵਾ ਸਿੰਘ ਦੇ ਪੱਟ ਵਿੱਚ ਲੱਗੀ ਅਤੇ ਗੋਲੀ ਮਾਰਨ ਵਾਲਾ ਸਾਬਕਾ ਸਰਪੰਚ ਮੌਕੇ ਤੋਂ ਫਰਾਰ ਹੋ ਗਿਆ। ਦੋਵੇਂ ਜਣਿਆਂ ਦੀ ਕੋਈ ਪੁਰਾਣੀ ਰੰਜਿਸ਼ ਵੀ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪੁੱਜੀ ਅਤੇ ਖੂਨ ਦੇ ਨਮੂਨੇ ਇਕੱਤਰ ਕੀਤੇ ਥਾਣਾ ਮੁਖੀ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।