ਚੰਡੀਗੜ੍ਹ,2 ਫਰਵਰੀ-ਸੁਰੱਖਿਆ ਦੀ ਵੱਡੀ ਉਲੰਘਣਾ 2001 ਦੇ ਸੰਸਦ ਅਤਿਵਾਦੀ ਹਮਲੇ ਦੀ ਵਰ੍ਹੇਗੰਢ ਮੌਕੇ 13 ਦਸੰਬਰ 2023 ਨੂੰ ਘਟਨਾ ਦੇ ਦੋਸ਼ੀਆਂ ਨੇ ਜੱਜ ਸਾਹਮਣੇ ਆਪਣੀ ਪੇਸ਼ੀ ਮੌਕੇ ਦਿੱਲੀ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਹਨ। ਸੰਸਦ ਦੀ ਸੁਰੱਖਿਆ ‘ਚ ਸੰਨ੍ਹ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮਾਂ ‘ਚੋਂ 5 ਨੇ ਬੁੱਧਵਾਰ ਨੂੰ ਵਧੀਕ ਸੈਸ਼ਨ ਜੱਜ ਹਰਦੀਪ ਕੌਰ ਨੂੰ ਦੱਸਿਆ ਕਿ ਦਿੱਲੀ ਪੁਲਿਸ ਉਨ੍ਹਾਂ ਨੂੰ ਕਥਿਤ ਤੌਰ ‘ਤੇ ਪਰੇਸ਼ਾਨ ਕਰ ਰਹੀ ਤਾਂਕਿ ਉਹ ਵਿਰੋਧੀ ਪਾਰਟੀਆਂ ਨਾਲ ਅਪਣੇ ਸਬੰਧਾਂ ਨੂੰ ਕਬੂਲ ਕਰ ਲੈਣ।ਪੰਜ ਮੁਲਜ਼ਮਾਂ ਮਨੋਰੰਜਨ ਡੀ., ਸਾਗਰ ਸ਼ਰਮਾ, ਲਲਿਤ ਝਾਅ, ਅਮੋਲ ਸ਼ਿੰਦੇ ਅਤੇ ਮਹੇਸ਼ ਕੁਮਾਵਤ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਲਗਭਗ 70 ਖਾਲੀ ਕਾਗਜ਼ਾਂ ‘ਤੇ ਦਸਤਖ਼ਤ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ”ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਤਹਿਤ ਅਪਰਾਧ ਕਰਨ ਅਤੇ ਕੌਮੀ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਣ ਦੀ ਗੱਲ ਕਬੂਲ ਕਰਨ ਲਈ ਬਿਜਲੀ ਦੇ ਝਟਕੇ ਦਿਤੇ ਗਏ।” ਅਦਾਲਤ ਨੇ ਇਸ ਮਾਮਲੇ ‘ਚ ਪੁਲਿਸ ਤੋਂ ਜਵਾਬ ਮੰਗਿਆ ਅਤੇ ਮਾਮਲੇ ਦੀ ਸੁਣਵਾਈ 17 ਫਰਵਰੀ ਨੂੰ ਮੁਲਤਵੀ ਕਰ ਦਿਤੀ। ਇਸ ਮਾਮਲੇ ਦੀ ਛੇਵੀਂ ਮੁਲਜ਼ਮ ਨੀਲਮ ਆਜ਼ਾਦ ਹੈ। ਸੁਰੱਖਿਆ ਦੀ ਵੱਡੀ ਉਲੰਘਣਾ 2001 ਦੇ ਸੰਸਦ ਅਤਿਵਾਦੀ ਹਮਲੇ ਦੀ ਵਰ੍ਹੇਗੰਢ 13 ਦਸੰਬਰ ਨੂੰ ਹੋਈ ਸੀ, ਜਦੋਂ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ. ਵਿਜ਼ਟਰ ਗੈਲਰੀ ਤੋਂ ਸਦਨ ਵਿਚ ਛਾਲ ਮਾਰ ਗਏ ਸਨ ਅਤੇ ਨਾਅਰੇਬਾਜ਼ੀ ਕਰਦੇ ਹੋਏ ‘ਕੈਨ’ ‘ਚੋਂ ਪੀਲਾ ਧੂੰਆਂ ਫੈਲਾਇਆ ਸੀ।ਘਟਨਾ ਤੋਂ ਤੁਰੰਤ ਬਾਅਦ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਦੋ ਹੋਰ ਲੋਕਾਂ ਅਮੋਲ ਸ਼ਿੰਦੇ ਅਤੇ ਨੀਲਮ ਨੂੰ ਸੰਸਦ ਭਵਨ ਦੇ ਬਾਹਰ ਪੀਲੇ ਧੂੰਏਂ ਦੇ ਡੱਬੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੇ ‘ਤਾਨਾਸ਼ਾਹੀ ਨਹੀਂ ਚੱਲੇਗੀ’ ਦੇ ਨਾਅਰੇ ਲਗਾਏ। ਜੱਜ ਨੇ ਸਾਰੇ ਛੇ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 1 ਮਾਰਚ ਤਕ ਵਧਾ ਦਿਤੀ ਹੈ।