ਚੰਡੀਗੜ੍ਹ,1 ਫਰਵਰੀ-ਟੈਕਸ ਛੋਟ ਦੀ ਉਮੀਦ ਲਾਈ ਬੈਠੇ ਲੋਕਾਂ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਰਾਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਟੈਕਸ ਸਲੈਬ ‘ਚ ਕੋਈ ਬਦਲਾਅ ਨਹੀਂ ਜਾ ਰਿਹਾ। ਵਿੱਤ ਮੰਤਰੀ ਨੇ ਕਿਹਾ ਕਿ ਪੁਰਾਣਾ ਤੇ ਨਵਾਂ ਟੈਕਸ ਢਾਂਚਾ ਬਰਕਰਾਰ ਰਹੇਗਾ ਜਿਸ ਤਹਿਤ 7 ਲੱਖ ਦੀ ਆਮਦਨ ਤੱਕ ਕੋਈ ਟੈਕਸ ਨਹੀਂ। ਵਿੱਤ ਮੰਤਰੀ ਨੇ ਕਿਹਾ ਕਿ ਸਿੱਧੇ ਜਾਂ ਅਸਿੱਧੇ ਟੈਕਸ ਸਲੈਬਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਰੱਖਿਆ ਖਰਚਿਆਂ ਵਿੱਚ 11.1% ਦਾ ਵਾਧਾ ਕੀਤਾ ਗਿਆ ਹੈ। ਹੁਣ ਇਹ ਜੀਡੀਪੀ ਦਾ 3.4% ਹੋਵੇਗਾ। ਆਸ਼ਾ ਵਰਕਰਾਂ ਨੂੰ ਵੀ ਆਯੁਸ਼ਮਾਨ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਤੇਲ ਬੀਜਾਂ ‘ਤੇ ਖੋਜ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਵਿੱਚ ਮੰਤਰੀ ਨੇ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਬਜਟ ਪੇਸ਼ ਕਰਦਿਆਂ ਕਿਹਾ ਹੈ ਕਿ ਤਿੰਨ ਕਰੋੜ ਔਰਤਾਂ ਨੂੰ ਲੱਖਪਤੀ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲਖਪਤੀ ਦੀਦੀ ਸਕੀਮ ਤਹਿਤ ਕੀਤਾ ਜਾਏਗਾ। ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਜਿਸ ਨਾਲ ਉਨ੍ਹਾਂ ਦਾ ਆਰਥਿਕ ਤੇ ਸਮਾਜਿਕ ਵਿਕਾਸ ਹੋ ਰਿਹਾ ਹੈ। ਲਖਪਤੀ ਦੀਦੀ ਸਕੀਮ ਤਹਿਤ ਦੇਸ਼ ਵਿੱਚ 1 ਕਰੋੜ ਲਖਪਤੀ ਦੀਦੀ ਬਣ ਚੁੱਕੀ ਹੈ। ਇਸ ਦਾ ਟੀਚਾ 2 ਕਰੋੜ ਤੋਂ ਵਧਾ ਕੇ 3 ਕਰੋੜ ਕਰ ਦਿੱਤਾ ਗਿਆ ਹੈ ਤੇ 3 ਕਰੋੜ ਲੱਖਪਤੀ ਦੀਦੀ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਪੀਐਮ ਆਵਾਸ ਤਹਿਤ 70 ਫੀਸਦੀ ਘਰ ਔਰਤਾਂ ਨੂੰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਸੰਪਦਾ ਯੋਜਨਾ ਤੋਂ 38 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ। 9 ਤੋਂ 14 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਦਾ ਟੀਕਾ ਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਆਯੁਸ਼ਮਾਨ ਭਾਰਤ ਦਾ ਲਾਭ ਸਾਰੀਆਂ ਆਸ਼ਾ ਵਰਕਰਾਂ ਤੇ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਵੇਗਾ। ਮੱਧ ਵਰਗ ਲਈ ਆਵਾਸ ਯੋਜਨਾ ਸ਼ੁਰੂ ਕੀਤੀ ਜਾਵੇਗੀ ਤੇ 1 ਕਰੋੜ ਸੋਲਰ ਪੈਨਲ ਘਰਾਂ ਨੂੰ ਮੁਫਤ ਬਿਜਲੀ ਦੇਣ ਦੀ ਸਰਕਾਰ ਦੀ ਯੋਜਨਾ ਗੇਮ ਚੇਂਜਰ ਸਾਬਤ ਹੋਵੇਗੀ।