ਬਰਨਾਲਾ,25 ਦਸੰਬਰ (ਨਿਰਮਲ ਸਿੰਘ ਪੰਡੋਰੀ)- ਜ਼ਿਲ੍ਹੇ ਦੇ ਪਿੰਡ ਬਡਬਰ ਦੀ ਬਾਜ਼ੀਗਰ ਬਸਤੀ ਦੀ ਸਮੁੱਚੀ ਪੰਚਾਇਤ ਨੇ ਪ੍ਰਸ਼ਾਸਨ ਨੂੰ ਪੰਚਾਇਤੀ ਜਗ੍ਹਾ ਉੱਪਰ ਕਿਸੇ ਵਿਅਕਤੀ ਵੱਲੋਂ ਕਬਜ਼ਾ ਕੀਤੇ ਜਾਣ ਸਬੰਧੀ ਦਿੱਤੀ ਸ਼ਿਕਾਇਤ ‘ਤੇ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਸਖ਼ਤ ਚੇਤਾਵਨੀ ਦੇ ਦਿੱਤੀ ਹੈ। ਬਾਜ਼ੀਗਰ ਬਸਤੀ ਦੇ ਸਰਪੰਚ ਜਗਤਾਰ ਰਾਮ ਅਤੇ ਪੰਚ ਮੁਲਖ ਰਾਜ, ਪੰਚ ਲਾਲੂ ਰਾਮ, ਪੰਚ ਇੰਦਰਜੀਤ ਕੌਰ, ਮਨਜੀਤ ਸਿੰਘ, ਪੱਪੂ ਰਾਮ, ਸੁਰਜੀਤ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਇੱਕ ਪਰਿਵਾਰ ਵੱਲੋਂ ਪੰਚਾਇਤੀ ਜਗ੍ਹਾ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਪ੍ਰਸ਼ਾਸਨ ਦੇ ਧਿਆਨ ਵਿੱਚ ਪੰਚਾਇਤ ਨੇ ਲਿਆਂਦਾ ਪ੍ਰੰਤੂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਕਬਜ਼ਾ ਕਰਨ ਵਾਲੇ ਪਰਿਵਾਰ ਨੇ ਪੰਚਾਇਤੀ ਜਗ੍ਹਾ ਵਿੱਚ ਸੈੱਡ ਵੀ ਬਣਾ ਲਿਆ ਹੈ। ਸਰਪੰਚ ਨੇ ਦੱਸਿਆ ਕਿ ਜਦ ਕਬਜ਼ਾ ਕੀਤੇ ਜਾਣ ਸਬੰਧੀ ਉਕਤ ਪਰਿਵਾਰ ਨੂੰ ਪੰਚਾਇਤ ਵੱਲੋਂ ਰੋਕਿਆ ਜਾਂਦਾ ਹੈ ਤਾਂ ਪਰਿਵਾਰ ਦੀ ਔਰਤ ਸਿਮਰਨਜੀਤ ਕੌਰ ਪਤਨੀ ਅਮਰ ਸਿੰਘ ਵੱਲੋਂ ਪੰਚਾਇਤ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤੇ ਬੁਰਾ ਭਲਾ ਬੋਲਿਆ ਜਾਂਦਾ ਹੈ। ਪੰਚਾਇਤ ਦਾ ਕਹਿਣਾ ਹੈ ਕਿ ਇਹ ਮਾਮਲਾ ਕਈ ਵਾਰ ਬੀਡੀਪੀਓ ਬਰਨਾਲਾ ਅਤੇ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਇਹ ਪ੍ਰੰਤੂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੰਚਾਇਤ ਦਾ ਕਹਿਣਾ ਹੈ ਕਿ ਉਕਤ ਜਗ੍ਹਾ ਪੰਚਾਇਤੀ ਜਗ੍ਹਾ ਹੈ ਜਿਸ ਉੱਪਰ ਉਕਤ ਪਰਿਵਾਰ ਨੇ ਪਹਿਲਾਂ ਆਲੇ-ਦੁਆਲੇ ਤਾਰ ਮਾਰ ਕੇ ਕਬਜ਼ਾ ਕੀਤਾ, ਦਰੱਖਤ ਪੁੱਟ ਦਿੱਤੇ ਅਤੇ ਹੁਣ ਸੈੱਡ ਵੀ ਬਣਾ ਲਿਆ ਪ੍ਰੰਤੂ ਇਸ ਦੇ ਬਾਵਜੂਦ ਵੀ ਸ਼ਿਕਾਇਤ ਕਰਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੰਚਾਇਤ ਨੇ ਕਿਹਾ ਕਿ ਪੰਚਾਇਤੀ ਜਗ੍ਹਾ ਉਪਰ ਕਬਜ਼ਾ ਕਰਨ ਦੇ ਮਾਮਲੇ ‘ਚ ਉਕਤ ਪਰਿਵਾਰ ਦੀ ਮਦਦ ਆਮ ਆਦਮੀ ਪਾਰਟੀ ਦੇ ਇੱਕ ਆਗੂ ਵੱਲੋਂ ਕੀਤੀ ਜਾ ਰਹੀ ਹੈ ਸ਼ਾਇਦ ਇਸੇ ਕਰਕੇ ਪ੍ਰਸ਼ਾਸਨ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ। ਉਹਨਾਂ ਦੱਸਿਆ ਕਿ ਇਹ ਜਗ੍ਹਾ ਪੰਚਾਇਤ ਨੇ ਪੰਚਾਇਤੀ ਘਰ ਬਣਾਉਣ ਲਈ ਰੱਖੀ ਹੋਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੇਰੁਖੀ ਦੇ ਕਾਰਨ ਸਮੁੱਚੀ ਪੰਚਾਇਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 31 ਦਸੰਬਰ ਤੱਕ ਉਕਤ ਪੰਚਾਇਤੀ ਜਗ੍ਹਾ ਤੋਂ ਨਜਾਇਜ਼ ਕਬਜ਼ਾ ਨਾ ਹਟਾਇਆ ਗਿਆ ਤਾਂ ਪਿੰਡ ਦੀ ਸਮੁੱਚੀ ਪੰਚਾਇਤ ਨਵੇਂ ਸਾਲ ਦੀ ਪਹਿਲੀ ਸਵੇਰ 1 ਜਨਵਰੀ ਤੋਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ ਕੇ ਰੋਸ ਪ੍ਰਦਰਸ਼ਨ ਕਰੇਗੀ, ਇਸ ਦੌਰਾਨ ਜੇਕਰ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਇਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਦੂਜੇ ਪਾਸੇ ਇਸ ਮਾਮਲੇ ਸੰਬੰਧੀ ਜਦ ਕਬਜ਼ਾ ਕਰਨ ਵਾਲੀ ਧਿਰ ਨਾਲ ਗੱਲ ਕੀਤੀ ਤਾਂ ਪਰਿਵਾਰ ਦੀ ਮਹਿਲਾ ਸਿਮਰਨਜੀਤ ਕੌਰ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਇਹ ਜਗ੍ਹਾ ਉਹਨਾਂ ਦੇ ਕਬਜ਼ੇ ਵਿੱਚ ਹੈ ਅਤੇ ਪੰਚਾਇਤ ਉਹਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।
ਫੋਟੋ ਕੈਪਸ਼ਨ-ਪੰਚਾਇਤੀ ਜਗ੍ਹਾ ਵਿੱਚ ਕਬਜ਼ਾ ਕਰਨ ਵਾਲੇ ਪਰਿਵਾਰ ਵੱਲੋਂ ਪਾਇਆ ਸੈੱਡ ਦਿਖਾਉਂਦੇ ਹੋਏ ਸਰਪੰਚ ਅਤੇ ਪੰਚ