ਮੁੱਖ ਮੰਤਰੀ ‘ਤੇ ਵਾਅਦੇ ਤੋਂ ਮੁਕਰਨ ਦਾ ਲਗਾਇਆ ਦੋਸ਼
Gee98 news service–
ਚੰਡੀਗੜ੍ਹ, 8 ਸਤੰਬਰ-ਪੰਜਾਬ ਸਰਕਾਰ ਵੱਲੋਂ 710 ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਟਰੇਨਿੰਗ ਦੌਰਾਨ ਪਟਵਾਰੀਆਂ ਦਾ ਭੱਤਾ ਵਧਾਉਣ ਸਬੰਧੀ ਮੁੱਖ ਮੰਤਰੀ ਦੇ ਐਲਾਨ ‘ਤੇ ਟਿੱਪਣੀ ਕਰਦੇ ਹੋਏ ਪਟਵਾਰੀਆਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਪਹਿਲਾਂ ਕੀਤੇ ਐਲਾਨ ਤੋਂ ਮੁੱਕਰ ਗਏ ਹਨ। Gee98 news service ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ 6 ਜੁਲਾਈ 2022 ਨੂੰ 1090 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਵਧੇ ਹੋਏ ਮਾਣਭੱਤੇ ਦੇ ਨਾਲ-ਨਾਲ ਟ੍ਰੇਨਿੰਗ ਦਾ ਸਮਾਂ ਵੀ ਡੇਢ ਸਾਲ ਤੋਂ ਇਕ ਸਾਲ ਦਾ ਕੀਤਾ ਜਾਵੇਗਾ ਅਤੇ ਟ੍ਰੇਨਿੰਗ ਦਾ ਸਮਾਂ ਸਰਵਿਸ ਕਾਲ ਦੇ ਵਿੱਚ ਜੋੜਿਆ ਜਾਵੇਗਾ ਪ੍ਰੰਤੂ ਅੱਜ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਮੁੱਖ ਮੰਤਰੀ ਨੇ ਇਸ ਸਬੰਧੀ ਚੁੱਪ ਵੱਟ ਲਈ ਹੈ। ਪਟਵਾਰੀਆਂ ਦੀ ਇਹ ਅਹਿਮ ਮੰਗ ਹੈ ਕਿ ਟ੍ਰੇਨਿੰਗ ਦਾ ਸਮਾਂ ਸਰਵਿਸ ਦੇ ਵਿੱਚ ਜੋੜਿਆ ਜਾਵੇ ਅਤੇ ਇਹ ਸਮਾਂ ਘਟਾ ਕੇ ਇੱਕ ਸਾਲ ਕੀਤਾ ਜਾਵੇ ਅਤੇ ਸਾਰੀਆਂ ਖਾਲੀ ਅਸਾਮੀਆਂ ‘ਤੇ ਭਰਤੀ ਕੀਤੀ ਜਾਵੇ। ਹਰਵੀਰ ਸਿੰਘ ਢੀਂਡਸਾ ਨੇ ਕਿਹਾ ਕਿ ਸਰਕਾਰ ਸੇਵਾ ਮੁਕਤ ਕਰਮਚਾਰੀਆਂ ਦੇ ਹਾੜ੍ਹੇ ਕੱਢ ਰਹੀ ਹੈ ਕਿ ਉਹ ਵਾਧੂ ਸਰਕਲਾਂ ਵਿਚ ਕੰਮ ਕਰਨ ਦੇ ਲਈ ਅੱਗੇ ਆਉਣ ਅਤੇ ਉਨ੍ਹਾਂ ਨੂੰ ਵਾਧੂ ਤਨਖਾਹ ਦੇ ਲਾਲਚ ਵੀ ਦਿੱਤੇ ਜਾ ਰਹੇ ਹਨ ਪ੍ਰੰਤੂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੇਵਾ ਮੁਕਤ ਪਟਵਾਰੀਆਂ ਨੇ ਕੋਰੀ ਨਾਂਹ ਕਰ ਦਿੱਤੀ ਹੈ। ਠੇਕੇ ਦੇ ਅਧਾਰ ‘ਤੇ ਕੰਮ ਕਰਦੇ 19 ਪਟਵਾਰੀਆਂ ਵਲੋਂ ਅਸਤੀਫਾ ਦਿੱਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਪੱਕੇ ਪਟਵਾਰੀਆਂ ਵਲੋਂ ਛੱਡੇ ਵਾਧੂ ਸਰਕਲਾਂ ਦਾ ਕੰਮ ਸੰਭਾਲਣ ਸਬੰਧੀ ਪ੍ਰੈਸ਼ਰ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਬੇਰੁਜ਼ਗਾਰਾਂ ਦੇ ਹੱਥ ਵਿੱਚ ਕਲਮਾਂ ਫੜਾਉਣ ਦੀ ਗੱਲ ਕੀਤੀ ਸੀ ਪ੍ਰੰਤੂ ਭਰਤੀ ਸੇਵਾ ਮੁਕਤ ਕਰਮਚਾਰੀਆਂ ਦੀ ਕੀਤੀ ਜਾ ਰਹੀ ਹੈ। ਉਹਨਾਂ ਕੋਲ ਖੁਲਾਸਾ ਕੀਤਾ ਕਿ ਆਉਣ ਵਾਲੇ ਦਿਨਾਂ ‘ਚ ਹੋਰ ਪਟਵਾਰੀ ਵੀ ਅਸਤੀਫ਼ਾ ਦੇ ਸਕਦੇ ਹਨ। ਪਟਵਾਰੀਆਂ ਦੀ ਸੂਬਾ ਜਥੇਬੰਦੀ ਦੇ ਪ੍ਰਧਾਨ ਨੇ ਕਿਹਾ ਕਿ 10 ਸਤੰਬਰ ਨੂੰ ਸੂਬਾ ਪੱਧਰੀ ਮੀਟਿੰਗ ਵਿੱਚ ਅਗਲੇ ਤਿੱਖੇ ਐਕਸ਼ਨ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ।