ਚੰਡੀਗੜ੍ਹ,2 ਮਈ, Gee98 News service
ਪਟਿਆਲਾ ਵਿਖੇ ਫੌਜ ਦੇ ਇੱਕ ਕਰਨਲ ਦੀ ਕੁੱਟਮਾਰ ਦੇ ਮਾਮਲੇ ‘ਚ ਫਸੇ ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਹਨਾਂ ਪੁਲਿਸ ਮੁਲਾਜ਼ਮਾਂ ‘ਤੇ ਇੱਕ ਨੌਜਵਾਨ ਦਾ ਫਰਜ਼ੀ ਐਨਕਾਉਂਟਰ ਕਰਨ ਦੇ ਦੋਸ਼ ਲੱਗੇ ਹਨ ਅਤੇ ਪੀੜ੍ਹਤ ਪਰਿਵਾਰ ਨੇ ਇਹ ਮਾਮਲਾ ਹਾਈਕੋਰਟ ਅੱਗੇ ਰੱਖਿਆ ਹੈ। ਪਟਿਆਲਾ ਵਿਖੇ ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ ਤੋਂ ਪਹਿਲਾਂ ਖੰਨਾ ਨੇੜੇ ਇੱਕ ਪਿੰਡ ਵਿੱਚ ਇੱਕ ਬੱਚੇ ਭਵਕੀਰਤ ਸਿੰਘ ਨੂੰ ਅਗਵਾ ਕਰਕੇ ਲਿਜਾ ਰਹੇ ਕੁਝ ਨੌਜਵਾਨਾਂ ਨੂੰ ਘੇਰਾ ਪਾ ਕੇ ਪੁਲਿਸ ਪਾਰਟੀ ਨੇ ਬੱਚੇ ਨੂੰ ਛੁਡਵਾਉਣ ਦਾ ਦਾਅਵਾ ਕੀਤਾ ਅਤੇ ਇਸ ਦੌਰਾਨ ਹੋਈ ਗੋਲੀਬਾਰੀ ਵਿੱਚ ਅਗਵਾਕਾਰਾਂ ਵਿੱਚੋਂ ਇੱਕ ਨੌਜਵਾਨ ਜਸਪ੍ਰੀਤ ਸਿੰਘ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ ਸੀ। ਇਸ ਐਨਕਾਊਂਟਰ ਮਾਮਲੇ ਵਿੱਚ ਉਹੀ ਪੁਲਿਸ ਮੁਲਾਜ਼ਮ ਸ਼ਾਮਿਲ ਸਨ ਜਿਹੜੇ ਪਟਿਆਲਾ ਵਿਖੇ ਕਰਨਲ ਬਾਠ ਦੀ ਕੁੱਟਮਾਰ ਮਾਮਲੇ ‘ਚ ਮੁਅੱਤਲ ਕੀਤੇ ਗਏ ਹਨ। ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਨੌਜਵਾਨ ਜਸਪ੍ਰੀਤ ਦੇ ਪਰਿਵਾਰ ਨੇ ਹੁਣ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਇਸ ਐਨਕਾਉਂਟਰ ਨੂੰ ਫੇਕ ਐਨਕਾਉਂਟਰ ਦੱਸਦੇ ਹੋਏ ਇਸ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪੀੜ੍ਹਤ ਪਰਿਵਾਰ ਵੱਲੋਂ ਹਾਈਕੋਰਟ ਦਾਖਲ ਕੀਤੀ ਪਟੀਸ਼ਨ ‘ਚ ਐਨਕਾਉਂਟਰ ‘ਚ ਮਾਰੇ ਗਏ ਨੌਜਵਾਨ ਜਸਪ੍ਰੀਤ ਦੀ ਪੋਸਟਮਾਰਟਮ ਰਿਪੋਰਟ ਦਾ ਵਿਸ਼ੇਸ਼ ਤੌਰ ‘ਤੇ ਹਵਾਲਾ ਦਿੱਤਾ ਗਿਆ ਹੈ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਸਪ੍ਰੀਤ ਨੂੰ ਪੁਆਇੰਟ ਬਲੈਂਕ ਰੇਂਜ ਤੋਂ ਗੋਲੀਆਂ ਮਾਰੀਆਂ ਗਈਆਂ ਸਨ। ਹੁਣ ਪਰਿਵਾਰ ਨੇ ਜਸਪ੍ਰੀਤ ਸਿੰਘ ਦੀ ਮਾਤਾ ਵੱਲੋਂ ਮਾਨਯੋਗ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਹੈ ਕਿ ਐਨਕਾਊਂਟਰ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ।