ਬਰਨਾਲਾ, 7 ਨਵੰਬਰ (ਸੋਨੀ ਧਨੌਲਾ) :
ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ, ਨਵੀਂ ਦਿੱਲੀ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਮੋਹਾਲੀ ਦੀਆਂ ਹਦਾਇਤਾਂ ਅਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ 31 ਅਕਤੂਬਰ ਤੋਂ 6 ਨਵੰਬਰ ਤੱਕ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਬੀਰ ਸਿੰਘ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਬਰਨਾਲਾ ਨੇ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਲੋਕਾਂ ਤੱਕ ਨਾਲਸਾ ਦੀਆਂ ਸਕੀਮਾਂ ਦੀ ਜਾਣਕਾਰੀ ਪਹੁੰਚਦੀ ਕਰਨ ਲਈ ਮਿਤੀ 31 ਅਕਤੂਬਰ ਤੋਂ 13 ਨਵੰਬਰ ਤੱਕ ਇੱਕ ਕੈਪੇਨ ਚਲਾਈ ਜਾ ਰਹੀ ਹੈ ਜਿਸ ਵਿੱਚ ਵਕੀਲ ਸਾਹਿਬਾਨਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਹਰੇਕ ਪਿੰਡ ਵਿੱਚ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਅਦਾਲਤ ਆਦਿ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੌਰਾਨ ਮਿਤੀ 31 ਅਕਤੂਬਰ 2022 ਤੋਂ ਲੈ ਕੇ ਮਿਤੀ 06 ਨਵੰਬਰ 2022 ਤੱਕ ਜ਼ਿਲ੍ਹਾ ਬਰਨਾਲਾ ਦੇ ਕੁੱਲ 66 ਪਿੰਡਾਂ ਜਿਵੇਂ ਕਿ ਠੀਕਰੀਵਾਲ, ਚੁਹਾਨਕੇ ਕਲਾ, ਰਾਏਸਰ ਪੰਜਾਬ, ਸੰਘੇੜਾ, ਕਰਮਗੜ, ਨੰਗਲ, ਕੁਰੜ, ਛਾਪਾ, ਪੰਡੋਰੀ, ਲੋਹਗੜ, ਛੀਨੀਵਾਲ, ਧਨੇਰ, ਚੰਨਣਵਾਲ, ਬੀਹਲਾ, ਫਰਵਾਹੀ, ਸੇਖਾ, ਕੱਟੂ, ਚੀਮਾ, ਭੈਣੀ ਜੱਸਾ, ਕਾਲੇਕੇ, ਰਾਜੀਆ, ਪੰਧੇਰ, ਅਸਪਾਲ ਕਲਾ, ਜਗਜੀਤਪੁਰਾ, ਸ਼ਹਿਣਾ ਆਦਿ ਵਿਖੇ ਵਕੀਲ ਸਾਹਿਬਾਨਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਜਾਗਰੂਕਤਾ ਸੈਮੀਨਾਰ ਲਗਾਏ ਗਏ। ਉਹਨਾਂ ਨੇ ਆਮ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ, ਨਾਲਸਾ ਸਕੀਮ, ਕੌਮੀ ਲੋਕ ਅਦਾਲਤ, ਸਥਾਈ ਲੋਕ ਅਦਾਲਤ, ਟੋਲ ਫ੍ਰੀ ਹੈੱਲਪਲਾਈਨ ਨੰਬਰ 1968 ਆਦਿ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਚਾਰ ਸਮੱਗਰੀ ਵੰਡੀ ਗਈ। ਇਸਤੋਂ ਇਲਾਵਾ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਨਾਲ ਇੱਕ ਡੋਰ-ਟੂ-ਡੋਰ ਮੁਹਿੰਮ ਵੀ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਉੱਕਤ ਸਕੀਮਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਪ੍ਰਚਾਰ ਸਮੱਗਰੀ ਵੰਡੀ ਜਾ ਰਹੀ ਹੈ। ਉਨਾਂ ਜਾਣਕਾਰੀ ਦਿੱਤੀ ਕਿ 12 ਨਵੰਬਰ 2022 ਨੂੰ ਜ਼ਿਲ੍ਹਾ ਬਰਨਾਲਾ ਦੀਆਂ ਕਚਿਹਰੀਆਂ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿੱਥੇ ਹਰ ਪ੍ਰਕਾਰ ਦੇ ਪ੍ਰੀਲਿਟੀਗੇਟਿਵ ਅਤੇ ਪੈਡਿੰਗ ਕੇਸਾਂ ਨੂੰ ਸੁਣਿਆ ਜਾਵੇਗਾ ਅਤੇ ਮੌਕੇ ਤੇ ਹੀ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੌਮੀ ਲੋਕ ਅਦਾਲਤ ਵਿੱਚ ਕੇਸ ਲਗਾ ਕੇ ਆਪਣੇ ਕੇਸਾਂ ਦਾ ਜਲਦੀ ਅਤੇ ਸਸਤਾ ਨਿਆ ਕਰਵਾਉਣ।