ਚੰਡੀਗੜ੍ਹ,26 ਜਨਵਰੀ-ਸੋਸ਼ਲ ਮੀਡੀਆ ਬਲਾਗਰ ਭਾਨਾ ਸਿੱਧੂ ਲੁਧਿਆਣਾ ਵਿਖੇ ਦਰਜ ਇੱਕ ਮੁਕੱਦਮੇ ‘ਚ ਜ਼ਮਾਨਤ ਮਿਲਣ ਤੋਂ ਬਾਅਦ ਅਜੇ ਜੇਲ੍ਹ ਤੋਂ ਬਾਹਰ ਨਹੀਂ ਆਇਆ ਸੀ ਕਿ ਪਟਿਆਲਾ ਪੁਲਿਸ ਵੱਲੋਂ ਭਾਨਾ ਸਿੱਧੂ ਦੇ ਉੱਪਰ ਇੱਕ ਹੋਰ ਮੁਕੱਦਮਾ ਦਰਜ ਕਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਥਾਣਾ ਸਦਰ ਪਟਿਆਲਾ ਵਿਖੇ ਭਾਨਾ ਸਿੱਧੂ ਸਮੇਤ ਚਾਰ ਹੋਰ ਵਿਅਕਤੀਆਂ ਦੇ ਖ਼ਿਲਾਫ਼ ਇਹ ਮੁਕੱਦਮਾ ਨੰਬਰ 0008 ਮਿਤੀ 20 ਜਨਵਰੀ ਨੂੰ ਦਰਜ ਕੀਤਾ ਗਿਆ ਹੈ। ਪਟਿਆਲਾ ਪੁਲਿਸ ਨੇ ਇਹ ਮੁਕੱਦਮਾ ਤੇਜਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ, ਅਰਬਨ ਅਸਟੇਟ ਪਟਿਆਲਾ ਦੇ ਬਿਆਨਾਂ ‘ਤੇ ਦਰਜ ਕੀਤਾ ਹੈ। ਭਾਨਾ ਸਿੱਧੂ ‘ਤੇ ਪਟਿਆਲਾ ਵਿਖੇ ਦਰਜ ਇਸ ਮੁਕੱਦਮੇ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਇਹ ਇੱਕ ਮਹੀਨਾ ਪੁਰਾਣੀ 21 ਦਸੰਬਰ 2023 ਨੂੰ ਵਾਪਰੀ ਘਟਨਾ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਮੁਕੱਦਮੇ ਦੇ ਮੁੱਦਈ ਤੇਜਪ੍ਰੀਤ ਸਿੰਘ ਨੇ ਪੁਲਿਸ ਨੂੰ ਬਿਆਨਾਂ ਵਿੱਚ ਲਿਖਵਾਇਆ ਹੈ ਕਿ ਉਹ 21 ਦਸੰਬਰ 2023 ਨੂੰ ਰਾਤ ਕਰੀਬ 10 ਵਜੇ ਆਪਣੇ ਸਕੂਟਰ ‘ਤੇ ਆਪਣੇ ਪਿੰਡ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਸਕਾਰਪੀਓ ਗੱਡੀ ‘ਤੇ ਸਵਾਰ ਚਾਰ ਪੰਜ ਨੌਜਵਾਨਾਂ ਨੇ ਉਸਨੂੰ ਘੇਰ ਲਿਆ, ਉਸਦੀ ਕੁੱਟਮਾਰ ਕੀਤੀ ਤੇ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੈਨ ਖੋਹ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਤੇਜਪ੍ਰੀਤ ਸਿੰਘ ਨੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਕਿ ਉਹ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਕਰਕੇ ਉਕਤ ਚਾਰ ਪੰਜ ਨੌਜਵਾਨਾਂ ਵਿੱਚੋਂ ਇੱਕ ਭਾਨਾ ਸਿੱਧੂ ਨੂੰ ਜਾਣਦਾ ਹੈ ਅਤੇ ਬਾਕੀਆਂ ਨੂੰ ਵੀ ਸਾਹਮਣੇ ਆਉਣ ‘ਤੇ ਪਹਿਚਾਣ ਸਕਦਾ ਹੈ। ਥਾਣਾ ਸਦਰ ਪਟਿਆਲਾ ਪੁਲਿਸ ਨੇ ਲੱਗਭੱਗ ਇੱਕ ਮਹੀਨਾ ਪਹਿਲਾਂ ਵਾਪਰੀ ਇਸ ਘਟਨਾ ਦੇ ਆਧਾਰ ‘ਤੇ ਤੇਜਪ੍ਰੀਤ ਸਿੰਘ ਦੇ ਬਿਆਨਾਂ ‘ਤੇ ਭਾਨਾ ਸਿੱਧੂ ਅਤੇ ਚਾਰ ਹੋਰ ਨੌਜਵਾਨਾਂ ਦੇ ਖ਼ਿਲਾਫ਼ ਆਈਪੀਸੀ ਧਾਰਾ 323, 341,379 ਬੀ ਅਤੇ 34 ਤਹਿਤ ਮੁਕੱਦਮਾ ਦਰਜ ਕੀਤਾ ਹੈ। ਲੁਧਿਆਣਾ ਵਾਲੇ ਮਾਮਲੇ ‘ਚ ਜ਼ਮਾਨਤ ਮਿਲਣ ਤੋਂ ਬਾਅਦ ਭਾਨਾ ਸਿੱਧੂ ‘ਤੇ ਉਪਰੋਂ-ਥੱਲੀ ਇੱਕ ਹੋਰ ਮੁਕੱਦਮਾ ਦਰਜ ਹੋਣ ਦੀ ਜਾਣਕਾਰੀ ਆਉਣ ਤੋਂ ਬਾਅਦ ਭਾਨਾ ਸਿੱਧੂ ਦੇ ਸਮਰਥਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਨਾ ਸਿੱਧੂ ਦੇ ਸਮਰਥਕਾਂ ਨੇ ਉਸ ਦੇ ਪਿੰਡ ਕੋਟਦੁੱਨਾ ਵਿਖੇ 29 ਜਨਵਰੀ ਨੂੰ ਇੱਕ ਵੱਡਾ ਇਕੱਠ ਵੀ ਰੱਖਿਆ ਹੋਇਆ ਹੈ। ਭਾਨਾ ਸਿੱਧੂ ਉੱਪਰ ਦਰਜ ਇਹਨਾਂ ਦੋ ਮੁਕੱਦਮਿਆਂ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ ਉਹਨਾਂ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਵਿੱਚ ਆਮ ਆਦਮੀ ਪਾਰਟੀ ਨੂੰ ਭਾਨਾ ਸਿੱਧੂ ‘ਤੇ ਦਰਜ ਮੁਕੱਦਮਿਆਂ ਦਾ ਸੇਕ ਲੱਗਣਾ ਸੁਭਾਵਿਕ ਹੈ ਕਿਉਂਕਿ ਭਾਨਾ ਸਿੱਧੂ ਦੇ ਸਮਰਥਕਾਂ ਵਿੱਚ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੈ ਤੇ ਇਹਨਾਂ ਨੌਜਵਾਨਾਂ ਨੇ ਸੋਸ਼ਲ ਮੀਡੀਆ ‘ਤੇ ਭਾਨਾ ਸਿੱਧੂ ਦੇ ਹੱਕ ਵਿੱਚ ਮੁਹਿੰਮ ਛੇੜ ਰੱਖੀ ਹੈ। ਯਾਦ ਰਹੇ ਕਿ ਇਹ ਸੋਸ਼ਲ ਮੀਡੀਆ ਪਲੇਟਫਾਰਮ ਹੀ ਸੀ ਜਿਸ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕ ਲਹਿਰ ਖੜੀ ਕੀਤੀ ਸੀ। ਦੂਜੇ ਪਾਸੇ ਭਾਨਾ ਸਿੱਧੂ ਉੱਪਰ ਦਰਜ ਮੁਕੱਦਮਿਆਂ ਨੂੰ ਲੱਖਾ ਸਿਧਾਣਾ ਵੱਲੋਂ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ।