ਚੰਡੀਗੜ੍ਹ,18 ਜਨਵਰੀ (ਨਿਰਮਲ ਸਿੰਘ ਪੰਡੋਰੀ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਚੌਥੀ ਵਾਰ ਵੀ ED ਸਾਹਮਣੇ ਪੇਸ਼ ਨਹੀਂ ਹੋਣਗੇ। ED ਨੇ ਮੁੱਖ ਮੰਤਰੀ ਕੇਜਰੀਵਾਲ ਨੂੰ 18 ਜਾਂ 19 ਜਨਵਰੀ ਨੂੰ ਪੇਸ਼ ਹੋਣ ਲਈ ਬੁਲਾਇਆ ਸੀ, ਇਸ ਤੋਂ ਪਹਿਲਾਂ ਵੀ ED ਨੇ ਕੇਜਰੀਵਾਲ ਨੂੰ ਤਿੰਨ ਸੰਮਨ ਜਾਰੀ ਕੀਤੇ ਸਨ ਪ੍ਰੰਤੂ ਉਹ ਤਿੰਨੇ ਵਾਰ ਪੇਸ਼ ਨਹੀਂ ਹੋਏ। ਸ੍ਰੀ ਕੇਜਰੀਵਾਲ ਨੇ ਖੁਦ ਦੱਸਿਆ ਕਿ ਉਹ ਇਸ ਵਾਰ ਵੀ ED ਸਾਹਮਣੇ ਪੇਸ਼ ਨਹੀਂ ਹੋਣਗੇ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤਿੰਨ ਦਿਨਾਂ ਦੇ ਦੌਰੇ ‘ਤੇ ਗੋਆ ਜਾ ਰਹੇ ਹਨ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ‘ਚ ਪ੍ਰਚਾਰ ਤੋਂ ਰੋਕਣ ਲਈ ਭਾਜਪਾ ਸਰਕਾਰ ਉਹਨਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ। ਕੇਜਰੀਵਾਲ ਨੇ ਕਿਹਾ ਕਿ ED ਵੱਲੋਂ ਉਹਨਾਂ ਨੂੰ ਭੇਜੇ ਜਾ ਰਹੇ ਇਹ ਨੋਟਿਸ ਕੁਝ ਵੀ ਨਹੀਂ ਹਨ ਬਲਕਿ ਰਾਜਨੀਤਿਕ ਬਦਲਾ ਲੈਣ ਦੀ ਭਾਵਨਾ ਹਨ। ਉਹਨਾਂ ਕਿਹਾ ਕਿ ਇਹਨਾਂ ਨੋਟਿਸਾਂ ਦੀ ਕੋਈ ਮਹੱਤਤਾ ਨਹੀਂ ਹੈ ਕਿਉਂਕਿ ਅਦਾਲਤ ਅਜਿਹੇ ਨੋਟਿਸਾਂ ਨੂੰ ਰੱਦ ਕਰ ਦਿੰਦੀ ਹੈ। ਕੇਜਰੀਵਾਲ ਨੇ ਸਵਾਲ ਕੀਤਾ ਕਿ ਇਸ ਮਾਮਲੇ ‘ਚ ਪਿਛਲੇ ਦੋ ਸਾਲਾਂ ਤੋਂ ਜਾਂਚ ਚੱਲ ਰਹੀ ਹੈ ਪ੍ਰੰਤੂ ਉਹਨਾਂ ਨੂੰ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਕਿਉਂ ਬੁਲਾਇਆ ਜਾ ਰਿਹਾ ਹੈ ? ਉਹਨਾਂ ਕਿਹਾ ਕਿ ED ਨੂੰ ਭਾਜਪਾ ਚਲਾ ਰਹੀ ਹੈ ਅਤੇ ਭਾਜਪਾ ਦੀ ਨੀਅਤ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਹੈ। ਦੂਜੇ ਪਾਸੇ ਕਾਨੂੰਨੀ ਮਾਹਿਰਾਂ ਅਨੁਸਾਰ ਕੇਜਰੀਵਾਲ ਵੱਲੋਂ ਵਾਰ-ਵਾਰ ਨੋਟਿਸਾਂ ਨੂੰ ਅੱਖੋਂ ਪਰੋਖੇ ਕਰਨ ਤੋਂ ਬਾਅਦ ED ਉਹਨਾਂ ਦੇ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰ ਸਕਦੀ ਹੈ ਅਤੇ ਉਸ ਤੋਂ ਬਾਅਦ ਵੀ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਧਾਰਾ 45 ਦੇ ਤਹਿਤ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾ ਸਕਦੇ ਹਨ।